ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ, ਸੁਨਾਮ ਊਧਮ ਸਿੰਘ ਵਾਲਾ (ਜ਼ਿਲ੍ਹਾ ਸੰਗਰੂਰ) ਪੰਜਾਬ ਦੀ ਇਕ ਸਿਰਮੌਰ ਸੰਸਥਾ ਹੈ । ਇਹ ਸੰਸਥਾ 1969 ਈ: ਵਿੱਚ ਪ੍ਰਮੁੱਖ ਸ਼ਹਿਰੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ਼ੁਰੂ ਹੋਈ ਅਤੇ ਇਸ ਦਾ ਨਾਂ 'ਸ਼ਹੀਦ ਊਧਮ ਸਿੰਘ ਮੈਮੋਰੀਅਲ ਕਾਲਜ' ਸੁਨਾਮ ਸ਼ਹਿਰ ਦੇ ਜੰਮਪਲ ਮਹਾਨ ਸ਼ਹੀਦ ਸ. ਊਧਮ ਸਿੰਘ ਜੀ ਦੇ ਨਾਂ ਤੇ ਰੱਖਿਆ ਗਿਆ, ਜਿਨ੍ਹਾਂ ਨੇ ਅੰਗਰੇਜਾਂ ਵੱਲੋਂ 1919 ਈ: ਵਿੱਚ ਜਲ੍ਹਿਆਂਵਾਲੇ ਬਾਗ ਵਿਖੇ ਨਿਹੱਥੇ ਭਾਰਤੀਆਂ ਦਾ ਬੇਰਹਿਮੀ ਨਾਲ ਵਹਾਏ ਗਏ ਖੂਨ ਦਾ ਬਦਲਾ ਪੂਰੇ 21 ਸਾਲਾਂ ਬਾਅਦ ਲੰਡਨ ਦੇ ਕੈਕਸਟਨ ਹਾਲ ਵਿੱਚ ਸਰ ਮਾਈਕਲ ਓਡਵਾਇਰ ਉੱਤੇ ਗੋਲੀਆਂ ਚਲਾ ਕੇ ਲਿਆ । 1974 ਵਿੱਚ ਭਾਰਤ ਅਤੇ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਜਦੋਂ ਸ਼ਹੀਦ ਊਧਮ ਸਿੰਘ ਦੀਆਂ ਪਵਿੱਤਰ ਅਸਥੀਆਂ ਨੂੰ ਲੰਡਨ ਤੋਂ ਸੁਨਾਮ ਲਿਆਂਦਾ ਗਿਆ ਤਾਂ ਪੰਜਾਬ ਸਰਕਾਰ ਨੇ ਦੇਸ਼ ਦੇ ਮਹਾਨ ਸਪੂਤ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਇਸ ਸੰਸਥਾ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ । ਉਸ ਸਮੇਂ ਤੋਂ ਹੀ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ, ਸੁਨਾਮ ਊਧਮ ਸਿੰਘ ਵਾਲਾ ਵਿੱਦਿਅਕ, ਸੱਭਿਆਚਾਰਕ ਅਤੇ ਖੇਡਾਂ ਦੇ ਖੇਤਰ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕਰ ਰਿਹਾ ਹੈ । ਇਸ ਸਮੇਂ ਇਸ ਕਾਲਜ ਵਿੱਚ 2300 ਦੇ ਲੱਗਭੱਗ ਵਿਦਿਆਰਥੀ ਵੱਖ-ਵੱਖ ਕੋਰਸਾਂ ਵਿੱਚ ਸਿੱਖਿਆ ਹਾਸਲ ਕਰ ਰਹੇ ਹਨ । ਕਾਲਜ ਵਿੱਚ 43 ਆਸਾਮੀਆਂ ਟੀਚਿੰਗ ਅਤੇ 41 ਨਾਨਟੀਚਿੰਗ ਸਟਾਫ਼ ਦੀਆਂ ਮਨਜ਼ੂਰ ਸ਼ੁਦਾ ਹਨ । ਇਸ ਤੋਂ ਇਲਾਵਾ 20 ਸਟਾਫ਼ ਮੈਂਬਰਜ਼ ਟੀਚਿੰਗ/ਨਾਨ-ਟੀਚਿੰਗ ਸੈਲਫ ਫਇਨਾਂਸ ਸਕੀਮ ਅਧੀਨ ਸੇਵਾ ਕਰ ਰਹੇ ਹਨ । ਪਿਛਲੇ ਕੁਝ ਸਾਲਾਂ ਵਿੱਚ ਇਹ ਸੰਸਥਾ ਪੰਜਾਬ ਦੀਆਂ ਪਹਿਲੀਆਂ ਸੰਸਥਾਵਾਂ ਦੀ ਕਤਾਰ ਵਿੱਚ ਸ਼ਾਮਲ ਹੋ ਗਈ ਹੈ ।
ਬੀ.ਏ. ਕਲਾਸਾਂ ਵਿੱਚ ਕੁਲ 16 ਚੋਣਵੇਂ ਵਿਸ਼ੇ ਹਨ ਇਸ ਤੋਂ ਇਲਾਵਾ ਇਸ ਵਰ੍ਹੇ ਬੀ.ਕਾਮ ਦਾ ਇੱਕ ਹੋਰ ਯੂਨਿਟ ਅਤੇ ਐਮ.ਏ. ਪੰਜਾਬੀ ਮੁੜ ਸ਼ੁਰੂ ਹੋਣ ਜਾ ਰਹੀ ਹੈ ਅਤੇ ਬੀ.ਏ. ਭਾਗ ਪਹਿਲਾ ਵਿੱਚ ਸਾਈਕਾਲੋਜੀ ਦਾ ਵਿਸ਼ਾ ਵੀ ਵਿਭਾਗ ਨੂੰ ਪ੍ਰਵਾਨਗੀ ਲਈ ਭੇਜਿਆ ਹੋਇਆ ਹੈ । ਪਿਛਲੇ ਸਮੇਂ ਦੌਰਾਨ ਕਾਲਜ ਦੇ ਮੇਨ ਗੇਟ, ਕੰਪਿਊਟਰ ਲੈਬ, ਸਾਇੰਸ ਬਲਾਕ ਦੀ ਪਹਿਲੀ ਮੰਜਿਲ, ਸੈਲਫ ਫਾਇਨਾਂਸ ਦਾ ਬਲਾਕ, ਕਾਲਜ ਵਿੱਚ ਐਸਟਰੋਟਰਫ ਹਾਕੀ ਗਰਾਊਂਡ ਦਾ ਨਿਰਮਾਣ, 400 ਮੀਟਰ ਗ੍ਰਾਸੀ ਟ੍ਰੈਕ, ਪੋਸਟ ਗ੍ਰੈਜੂਏਟ ਵਿਭਾਗ (ਇਤਿਹਾਸ) ਦੇ ਬਲਾਕ ਦਾ ਨਿਰਮਾਣ ਹੋਇਆ ਹੈ। ਇਸ ਤੋਂ ਇਲਾਵਾ ਕਾਲਜ ਵਿੱਚ ਆਡੀਟੋਰੀਅਮ ਵਿਦਿਅਕ ਵਰ੍ਹੇ 2018-19 ਦੌਰਾਨ ਤਿਆਰ ਹੋ ਜਾਵੇਗਾ । ਡਾਇਰੈਕਟਰ ਸਿੱਖਿਆ ਵਿਭਾਗ (ਕਾ) ਪੰਜਾਬ ਦੀਆਂ ਹਦਾਇਤਾਂ ਅਨੁਸਾਰ ਕਾਲਜ ਵਿੱਚ ਇੱਕ Visual Classroom ਅਤੇ ਤਿੰਨ Smart Classroom ਸਥਾਪਿਤ ਕੀਤੇ ਗਏ ਹਨ । ਸਾਲ 2014 ਵਿੱਚ NAAC (An Autonomous Institution of UGC) ਟੀਮ ਵੱਲੋਂ ਕਾਲਜ ਦੀ ਰੀ-ਐਕਰੈਡੀਟੇਸ਼ਨ ਕੀਤੀ ਗਈ ਜਿਸ ਵਿੱਚ ਕਾਲਜ ਨੇ ਬੀ ਗਰੇਡ (2.72 ਅੰਕ) ਪ੍ਰਾਪਤ ਕੀਤਾ । ਉਚੇਰੀ ਸਿੱਖਿਆ ਵਿਭਾਗ, ਪੰਜਾਬ ਸਰਕਾਰ, RUSA, HEIS, PTA ਅਤੇ OSA ਨੇ ਕਾਲਜ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾਇਆ ਹੈ । ਸੈਸ਼ਨ 2018-19 ਲਈ ਪੰਜਾਬ ਸਰਕਾਰ ਵੱਲੋਂ ਨਵੀਂ ਪਲਾਨ ਸਕੀਮ ਐਚ.ਈ.-26 ਇੰਪਰੂਵਮੈਂਟ ਇਨ ਇਨਫਰਾਸਟਰਕਚਰ ਅਧੀਨ ਕਾਲਜ ਲਈ 2 ਕਰੋੜ ਰੁਪਏ ਦੀ ਰਾਸ਼ੀ ਮਨਜੂਰ ਕੀਤੀ ਹੈ । ਜਿਸ ਨਾਲ ਕਾਲਜ ਵਿੱਚ ਬਿਲਡਿੰਗ ਦੀ ਘਾਟ ਨੂੰ ਪੂਰਾ ਕਰ ਲਿਆ ਜਾਵੇਗਾ ।
ਕਾਲਜ ਦੇ ਨਤੀਜੇ ਪਿਛਲੇ ਵਰ੍ਹਿਆਂ ਵਾਂਗ ਇਸ ਵਰ੍ਹੇ ਵੀ ਸ਼ਾਨਦਾਰ ਰਹੇ ਹਨ। ਖੇਡਾਂ ਅਤੇ ਸਹਿ-ਵਿੱਦਿਅਕ ਸਰਗਰਮੀਆਂ ਦੀਆਂ ਪ੍ਰਾਪਤੀਆਂ ਨੇ ਵੀ ਬੁਲੰਦੀ ਦੇ ਸ਼ਿਖਰਾਂ ਨੂੰ ਛੂਹਿਆ ਹੈ, ਜਿਸ ਦਾ ਸਿਹਰਾ ਸਮੁੱਚੀ ਫੈਕਲਟੀ ਅਤੇ ਵਿਦਿਆਰਥੀਆਂ ਦੇ ਸਿਰ ਬੱਝਦਾ ਹੈ ।